ਗੁਰਦੁਆਰਾ ਭਾਈ ਵੀਰ ਸਿੰਘ, ਗੁਲਮਰਗ ਦੇ ਮਾਮਲਿਆਂ ਵਿੱਚ ਜੀ. ਐਸ. ਬਾਵਾ ਨੂੰ ਦਖ਼ਲਅੰਦਾਜ਼ੀ ਤੋਂ ਸਾਵਧਾਨ ਕੀਤਾ; ਕਸ਼ਮੀਰ ਦੀ ਸੰਗਤ ਦੀ ਨਿਗਰਾਨੀ ਦੀ ਸ਼ਲਾਘਾ

 -  -  4


ਕਸ਼ਮੀਰ ਦੀ ਸੁਹਾਵਣੀ ਤੇ ਰੂਹਾਨੀ ਵਾਦੀ ਗੁਲਮਰਗ ਵਿੱਚ ਸਥਿਤ ਇਤਿਹਾਸਕ ਗੁਰਦੁਆਰਾ ਭਾਈ ਵੀਰ ਸਿੰਘ ਉੱਤੇ ਕਬਜ਼ਾ ਕਰਨ ਦੀ ਗੁਪਤ ਤੇ ਸੋਚੀ-ਸਮਝੀ ਕੋਸ਼ਿਸ਼, ਬੇਹਿਸਾਬ ਦਾ ਨਾਂ ਅਤੇ ਪਰਦੇ ਪਿੱਛੇ ਚੱਲ ਰਹੀਆਂ ਚਾਲਾਂ ਤੋਂ ਗਹਿਰੀ ਚਿੰਤਾ ਪ੍ਰਗਟ ਕਰਦਿਆਂ, ਵਰਲਡ ਸਿੱਖ ਨਿਊਜ਼ ਦੇ ਸੰਪਾਦਕ ਜਗਮੋਹਨ ਸਿੰਘ ਨੇ ਮੁੰਬਈ ਅਧਾਰਤ ਹੋਟਲ ਕਾਰੋਬਾਰੀ ਅਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਨਾਮਜ਼ਦ ਮੈਂਬਰ ਗੁਰਿੰਦਰ ਸਿੰਘ ਬਾਵਾ ਨੂੰ ਖੁੱਲ੍ਹਾ ਪੱਤਰ ਲਿਿਖਆ ਹੈ।

ਇਹ ਪੱਤਰ ਸ੍ਰੀ ਬਾਵਾ ਨੂੰ ਸਾਵਧਾਨ ਕਰਦਾ ਹੈ ਕਿ ਕਸ਼ਮੀਰ ਦੇ ਸਿੱਖ ਅਤੇ ਵਿਆਪਕ ਸਿੱਖ ਸੰਗਤ ਗੁਰਦੁਆਰੇ ਨੂੰ ਧਾਰਮਕ ਵਿਕਾਸ ਦੇ ਨਾਂ ਹੇਠ ਵਪਾਰਕ ਬਣਾਉਣ, ਉਸ ਨੂੰ ਮਹਿਮਾਨ  ਨਿਵਾਜ਼ੀ ਕੇਂਦਰ ਵਿੱਚ ਬਦਲਣ ਜਾਂ ਸਿੱਖ ਸਾਵੰਤ ਭਾਈ ਵੀਰ ਸਿੰਘ ਜੀ ਦੇ ਨਾਂ ਅਤੇ ਵਿਰਸੇ ਨੂੰ ਮਿਟਾਉਣ ਦੀ ਕਿਸੇ ਵੀ ਕੋਸ਼ਿਸ਼ ਨੂੰ ਕਬੂਲ ਨਹੀਂ ਕਰਨਗੇ।

ਜਗਮੋਹਨ ਸਿੰਘ ਨੇ ਕਸ਼ਮੀਰ ਦੀ ਸੰਗਤ ਵੱਲੋਂ ਕੀਤੇ ਜਾ ਰਹੇ ਹੱਕ-ਸੱਚ ਦੇ ਡਟਵੇਂ ਟਾਕਰੇ ਦੀ ਸ਼ਲਾਘਾ ਕੀਤੀ ਹੈ ਅਤੇ ਪਾਠਕਾਂ ਨੂੰ ਇਸ ਇਤਿਹਾਸਕ ਸਿੱਖ ਸੰਸਥਾ ਦੀ ਪਵਿੱਤਰਤਾ, ਵਿਰਾਸਤ ਅਤੇ ਆਜ਼ਾਦ ਹਸਤੀ ਨੂੰ ਬਚਾਉਣ ਦੇ ਯਤਨ ਨਾਲ ਜੁੜਨ ਲਈ ਸੱਦਾ ਦਿੱਤਾ ਹੈ।

ਡਬਲਿਊ ਐਸ ਐਨ ਫਿਰ ਦੋਹਰਾਉਂਦਾ ਹੈ ਕਿ ਸਿੱਖ ਸੰਸਥਾਵਾਂ, ਸੰਗਤ ਅਤੇ ਪੰਥ ਦੀਆਂ ਹਨ, ਅਤੇ ਜਿਨ੍ਹਾਂ ਨੂੰ ਉਨ੍ਹਾਂ ਦੀ ਸਾਂਭ-ਸੰਭਾਲ ਸੌਂਪੀ ਗਈ ਹੈ, ਉਹ ਰਖਵਾਲੇ ਅਤੇ ਪ੍ਰਬੰਧਕ ਹਨ, ਮਾਲਕ ਨਹੀਂ।

ਸਰਦਾਰ ਗੁਰਿੰਦਰ ਸਿੰਘ ਬਾਵਾ ਜੀ,

ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਹਿ।

ਤੁਹਾਡਾ 14 ਮਈ 2026 ਨੂੰ ਆਪਣੇ ਪਰਿਵਾਰ ਅਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਤੇ ਚੀਫ਼ ਖਾਲਸਾ ਦੀਵਾਨ ਦੇ ਨੁਮਾਇੰਦਿਆਂ ਸਮੇਤ ਗੁਲਮਰਗ ਦਾ ਗੁਪਤ ਦੌਰਾ ਕਸ਼ਮੀਰ ਘਾਟੀ ਦੇ ਸਿੱਖਾਂ ਵਿੱਚ ਡੂੰਘੀ ਚਿੰਤਾ ਦਾ ਕਾਰਨ ਬਣਿਆ ਹੈ। ਪਿਛਲੇ ਦੋ ਹਫ਼ਤਿਆਂ ਤੋਂ ਸੰਗਤ ਵਿੱਚ ਬੇਚੈਨੀ ਹੈ, ਅਤੇ ਤੁਹਾਡੇ ਦੌਰੇ ਨੇ ਉਸ ਦੀ ਧਾਰਮਕ ਦ੍ਰਿੜ੍ਹਤਾ ਦੀ ਪਰਖ ਕਰ ਦਿੱਤੀ ਹੈ।

ਮੈਂ ਤੁਹਾਨੂੰ ਖੁੱਲ੍ਹੇ ਰੂਪ ਵਿੱਚ ਇਸ ਲਈ ਲਿਖ ਰਿਹਾ ਹਾਂ ਕਿਉਂਕਿ ਗੁਰਦੁਆਰਾ ਭਾਈ ਵੀਰ ਸਿੰਘ ਜੀ, ਗੁਲਮਰਗ ਅਤੇ ਉਸ ਦੇ ਪ੍ਰਬੰਧ ਨਾਲ ਸੰਬੰਧਤ ਸੰਸਥਾਵਾਂ ਵਿੱਚ ਤੁਹਾਡੀ ਭੂਮਿਕਾ ਬਾਰੇ ਗੰਭੀਰ ਚਿੰਤਾ ਪੈਦਾ ਹੋਈ ਹੈ। ਤੁਸੀਂ ਡੀ. ਜੀ. ਪੀ. ਸੀ. ਬਾਰਾਮੂਲਾ ਦੇ ਪ੍ਰਧਾਨ ਪਰਮਜੀਤ ਸਿੰਘ ਨਾਲ ਸੰਪਰਕ ਕੀਤਾ ਜਾਂ ਉਨ੍ਹਾਂ ਨੇ ਤੁਹਾਡੇ ਨਾਲ—ਇਹ ਮੁੱਖ ਮਸਲਾ ਨਹੀਂ। ਅਸਲ ਗੱਲ ਇਹ ਹੈ ਕਿ ਤੁਸੀਂ ਦੋਵੇਂ ਇਸ ਬਾਰੇ ਚੁੱਪੀ ਰੱਖ ਰਹੇ ਹੋ ਕਿ ਕੀ ਦਾਨ ਦਿੱਤਾ ਗਿਆ, ਕਿਉਂ ਦਿੱਤਾ ਗਿਆ ਅਤੇ ਇਸ ਦਖ਼ਲ ਦੇ ਪਿੱਛੇ ਅਸਲ ਮਨਸਾ ਕੀ ਹੈ। ਕਸ਼ਮੀਰ ਦੇ ਸਿੱਖਾਂ ਨੂੰ ਇਹ ਗੱਲ ਹੈਰਾਨ ਕਰ ਰਹੀ ਹੈ ਕਿ ਤੁਸੀਂ ਦਾਨੀ ਭਾਵਨਾ ਦਿਖਾਉਣ ਲਈ ਗੁਲਮਰਗ ਤੱਕ ਆਉਣ ਦੀ ਲੋੜ ਕਿਉਂ ਮਹਿਸੂਸ ਕੀਤੀ, ਜਿਵੇਂ ਪੱਛਮੀ ਭਾਰਤ ਵਿੱਚ ਅਜਿਹੀ ਸੇਵਾ ਦੇ ਮੌਕੇ ਮੌਜੂਦ ਹੀ ਨਾ ਹੋਣ।

ਵਰਲਡ ਸਿੱਖ ਨਿਊਜ਼ ਦੀ ਸੰਪਾਦਕੀ ਟੀਮ ਲਈ ਪੰਥਕ ਹਿਤ ਸਭ ਤੋਂ ਉੱਚਾ ਹੈ। ਮਸਲਾ ਨਾ ਦਾਨ ਦਾ ਹੈ ਅਤੇ ਨਾ ਹੀ ਕਿਸੇ ਸਿੱਖ ਦੇ ਧਾਰਮਕ ਕਾਰਜਾਂ ਲਈ ਯੋਗਦਾਨ ਦੇਣ ਦੇ ਹੱਕ ਦਾ। ਮਸਲਾ ਇਹ ਹੈ ਕਿ ਕੀ ਮਾਲੀ ਯੋਗਦਾਨ ਉਹਨਾਂ ਸੰਸਥਾਵਾਂ ਉੱਤੇ ਪ੍ਰਭਾਵ ਬਣਾਉਣ ਦਾ ਸਾਧਨ ਬਣ ਸਕਦੇ ਹਨ ਜੋ ਸੰਗਤ ਅਤੇ ਪੰਥ ਦੀਆਂ ਹਨ। ਸਿੱਖ ਸੰਸਥਾਵਾਂ ਸੰਗਤ ਅਤੇ ਪੰਥ ਦੀਆਂ ਹਨ, ਅਤੇ ਜਿਨ੍ਹਾਂ ਨੂੰ ਉਨ੍ਹਾਂ ਦੀ ਸਾਂਭ-ਸੰਭਾਲ ਸੌਂਪੀ ਗਈ ਹੈ, ਉਹ ਰਖਵਾਲੇ ਹਨ, ਮਾਲਕ ਨਹੀਂ। ਕੋਈ ਦਾਨੀ, ਅਹੁਦੇਦਾਰ, ਕਮੇਟੀ ਮੈਂਬਰ ਜਾਂ ਬਾਹਰੀ ਸੰਸਥਾ ਧਨ, ਅਹੁਦੇ ਜਾਂ ਸੱਤਾ ਨਾਲ ਨੇੜਤਾ ਦੇ ਆਧਾਰ ਉੱਤੇ ਕਿਸੇ ਸਿੱਖ ਸੰਸਥਾ ਉੱਤੇ ਅਧਿਕਾਰ ਨਹੀਂ ਹਾਸਲ ਕਰ ਸਕਦੀ।

ਤੁਸੀਂ ਵਟਸਐਪ ਗਰੁੱਪ “ਖਾਲਸਾ ਯੂਨਿਟੀ” ਵਿੱਚ ਕਿਹਾ ਹੈ ਕਿ ਤੁਹਾਡੇ ਪੁੱਤਰ ਮੋਨੂ ਭਾਟੀਆ ਨੇ ਗੁਰਦੁਆਰਾ ਭਾਈ ਵੀਰ ਸਿੰਘ, ਗੁਲਮਰਗ ਵਿੱਚ ਉਸਾਰੀ ਕਾਰਜ ਲਈ 50 ਲੱਖ ਰੁਪਏ ਦਾਨ ਕੀਤੇ ਹਨ। ਪਰਮਜੀਤ ਸਿੰਘ ਇੱਕ ਗੁਰਦੁਆਰਾ ਸਮਾਗਮ ਵਿੱਚ ਇਹ ਕਹਿੰਦੇ ਹੋਏ ਰਿਕਾਰਡ ਉੱਤੇ ਹਨ ਕਿ 25 ਲੱਖ ਰੁਪਏ ਪ੍ਰਾਪਤ ਹੋਏ ਹਨ। ਨਾ ਤੁਸੀਂ ਅਤੇ ਨਾ ਹੀ ਪਰਮਜੀਤ ਸਿੰਘ ਨੇ ਇਹ ਸਪੱਸ਼ਟ ਕੀਤਾ ਹੈ ਕਿ ਇਹ ਰਕਮ ਡੀ. ਜੀ. ਪੀ. ਸੀ. ਦੇ ਖਾਤੇ ਵਿੱਚ ਜਮ੍ਹਾਂ ਹੋਈ ਹੈ ਜਾਂ ਗੁਰਦੁਆਰਾ ਸਾਹਿਬ ਦੇ ਖਾਤੇ ਵਿੱਚ। ਕਸ਼ਮੀਰ ਦੀ ਸਿੱਖ ਸੰਗਤ ਨੂੰ ਅਜੇ ਤੱਕ ਕੋਈ ਰਸਮੀ ਰਸੀਦ ਵੀ ਨਹੀਂ ਵਿਖਾਈ ਗਈ। ਡਬਲਿਊ ਐਸ ਐਨ ਨੂੰ ਇਹ ਵੀ ਪਤਾ ਲੱਗਿਆ ਹੈ ਕਿ ਡੀ. ਜੀ. ਪੀ. ਸੀ. ਦੇ ਕਈ ਮੈਂਬਰ ਵੀ ਇਨ੍ਹਾਂ ਘਟਨਾਵਾਂ ਤੋਂ ਪੂਰੀ ਤਰ੍ਹਾਂ ਜਾਣੂ ਨਹੀਂ ਹਨ।

ਕਸ਼ਮੀਰ ਦੀ ਸੰਗਤ ਦਾ ਰੁਖ ਸਪੱਸ਼ਟ ਹੈ: ਗੁਰਦੁਆਰਾ ਭਾਈ ਵੀਰ ਸਿੰਘ ਜੀ ਧਨ, ਪ੍ਰਭਾਵ, ਨਿੱਜੀ ਸਬੰਧਾਂ, ਸੰਸਥਾਗਤ ਪਹੁੰਚ ਜਾਂ ਰਾਜਸੀ ਨੇੜਤਾਂ ਰਾਹੀਂ ਕਬਜ਼ੇ ਲਈ ਉਪਲਬਧ ਨਹੀਂ। ਕੋਈ ਦਾਨੀ, ਚਾਹੇ ਕਿੰਨਾ ਵੀ ਉਦਾਰ ਹੋਵੇ, ਕਿਸੇ ਸਿੱਖ ਸੰਸਥਾ ਵਿੱਚ ਮਾਲਕੀ ਹਿੱਸਾ ਨਹੀਂ ਲੈ ਸਕਦਾ। ਕੋਈ ਯੋਗਦਾਨ, ਚਾਹੇ ਕਿੰਨਾ ਵੀ ਵੱਡਾ ਹੋਵੇ, ਉਸ ਦੇ ਭਵਿੱਖੀ ਰੁਖ, ਪਹਿਚਾਣ ਜਾਂ ਪ੍ਰਬੰਧ ਉੱਤੇ ਅਧਿਕਾਰ ਨਹੀਂ ਰੱਖਦਾ।

ਤੁਹਾਡੀ ਰਕਮ ਵਰਤਣ ਦਾ ਇਕੋ ਹੀ ਰਸਤਾ, ਕਸ਼ਮੀਰ ਦੀ ਸਿੱਖ ਸੰਗਤ ਦੀ ਰਜ਼ਾਮੰਦੀ ਹੋਵੇ ਤਾਂ, ਇਹ ਹੈ ਕਿ ਇਹ ਯੋਗਦਾਨ ਕਾਰ ਸੇਵਾ ਵਾਲੀ ਟੀਮ ਨੂੰ ਦੇ ਦਿੱਤਾ ਜਾਵੇ, ਜਿਸ ਨੇ ਗੁਰਦੁਆਰੇ ਦੀ ਇਮਾਰਤ ਦਾ ਕੰਮ ਪਹਿਲਾਂ ਹੀ ਮੁਕੰਮਲ ਕਰ ਦਿੱਤਾ ਹੈ ਅਤੇ ਹੁਣ ਕੰਮ ਆਖ਼ਰੀ ਪੜਾਅ ਵਿੱਚ ਹੈ।

ਮੈਂ ਇਹ ਵੇਖ ਕੇ ਹੈਰਾਨ ਰਹਿ ਗਿਆ ਕਿ ਇਕ ਬੈਨਰ ਵਿੱਚ ਗੁਰਦੁਆਰੇ ਦਾ ਨਾਂ ਪਹਿਲਾਂ ਹੀ ਬਦਲ ਕੇ ਗੁਰਦੁਆਰਾ ਗੁਰੂ ਅੰਗਦ ਦੇਵ ਜੀ ਕਰ ਦਿੱਤਾ ਗਿਆ ਸੀ—ਦੱਸਿਆ ਜਾਂਦਾ ਹੈ ਕਿ ਇਹ ਤੁਹਾਡੇ ਕਹਿਣ ਉੱਤੇ ਕੀਤਾ ਗਿਆ, ਕਿਉਂਕਿ ਦਾਨ ਤੁਹਾਡੇ ਨਿੱਜੀ ਟਰੱਸਟ ਵੱਲੋਂ ਆਇਆ ਹੈ, ਜੋ ਦੂਜੇ ਪਾਤਸ਼ਾਹ ਗੁਰੂ ਅੰਗਦ ਦੇਵ ਜੀ ਦੇ ਨਾਂ ਉੱਤੇ ਹੈ। ਇਸ ਨਾਲ ਸਵਭਾਵਕ ਤੌਰ ਉੱਤੇ ਚਿੰਤਾ ਪੈਦਾ ਹੋਈ ਹੈ।

ਇਹ ਚਿੰਤਾ ਇਸ ਕਰਕੇ ਹੋਰ ਵਧ ਜਾਂਦੀ ਹੈ ਕਿ ਗੁਰਦੁਆਰਾ ਭਾਈ ਵੀਰ ਸਿੰਘ ਜੀ ਸਿੱਖ ਇਤਿਹਾਸ ਵਿੱਚ ਵਿਲੱਖਣ ਥਾਂ ਰੱਖਦਾ ਹੈ। ਇਹ ਕੋਈ ਆਮ ਗੁਰਦੁਆਰਾ ਨਹੀਂ। ਇਹ ਸਿੱਖ ਸਾਵੰਤ ਭਾਈ ਵੀਰ ਸਿੰਘ ਜੀ ਦੀ ਯਾਦ ਅਤੇ ਵਿਰਾਸਤ ਨਾਲ ਡੂੰਘੀ ਤਰ੍ਹਾਂ ਜੁੜਿਆ ਹੋਇਆ ਹੈ, ਜੋ ਆਧੁਨਿਕ ਸਿੱਖ ਪੁਨਰਜਾਗਰਣ ਦੇ ਅਗੇਤੂ ਰਚਨਹਾਰਾਂ ਵਿੱਚੋਂ ਇੱਕ ਸਨ।

ਇਹ ਡੂੰਘੀ ਵਿਡੰਬਨਾ ਹੈ ਕਿ ਚੀਫ਼ ਖਾਲਸਾ ਦੀਵਾਨ, ਜਿਸ ਦੀ ਸਥਾਪਨਾ ਵਿੱਚ ਭਾਈ ਵੀਰ ਸਿੰਘ ਜੀ ਦੀ ਭੂਮਿਕਾ ਸੀ ਅਤੇ ਜੋ ਅੱਜ ਉਨ੍ਹਾਂ ਦੀ ਵਿਰਾਸਤ ਨੂੰ ਸੰਭਾਲਣ ਤੇ ਅੱਗੇ ਵਧਾਉਣ ਦਾ ਦਾਅਵਾ ਕਰਦਾ ਹੈ, ਉਸ ਦਾ ਨਾਂ ਅਜਿਹੀਆਂ ਤਜਵੀਜ਼ਾਂ ਨਾਲ ਜੁੜੇ ਜੋ ਇਸ ਇਤਿਹਾਸਕ ਸੰਸਥਾ ਤੋਂ ਭਾਈ ਵੀਰ ਸਿੰਘ ਜੀ ਦਾ ਨਾਂ ਮਿਟਾਉਣ ਵੱਲ ਲੈ ਜਾਂਦੀਆਂ ਹਨ। ਚੀਫ਼ ਖਾਲਸਾ ਦੀਵਾਨ ਦੇ ਆਨਰੇਰੀ ਜਨਰਲ ਸਕੱਤਰ ਰਮਨੀਕ ਸਿੰਘ ਦੀ ਉਹਨਾਂ ਮੀਟਿੰਗਾਂ ਵਿੱਚ ਹਾਜ਼ਰੀ, ਜਿੱਥੇ ਗੁਰਦੁਆਰੇ ਦੀ ਪਹਿਚਾਣ ਬਾਰੇ ਬਦਲਾਅ ਚਰਚਾ ਵਿੱਚ ਆਏ, ਜਨਤਕ ਚਿੰਤਾ ਨੂੰ ਹੋਰ ਵਧਾਉਂਦੀ ਹੈ ਅਤੇ ਪੂਰੀ ਪਾਰਦਰਸ਼ਤਾ ਦੀ ਲੋੜ ਨੂੰ ਹੋਰ ਮਜ਼ਬੂਤ ਕਰਦੀ ਹੈ।

ਚੀਫ਼ ਖਾਲਸਾ ਦੀਵਾਨ ਵਾਂਗ, ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੀ ਉਸ ਸਮਾਗਮ ਵਿੱਚ ਸ਼੍ਰੋਮਣੀ ਕਮੇਟੀ ਮੈਂਬਰ ਹਰਜਿੰਦਰ ਕੌਰ ਦੀ ਹਾਜ਼ਰੀ ਲਈ ਜਵਾਬਦੇਹ ਹੈ।

ਮੈਨੂੰ ਇਹ ਗੱਲ ਸਮਝ ਨਹੀਂ ਆਉਂਦੀ ਕਿ ਤੁਹਾਡੇ ਵਰਗੇ ਤਜਰਬੇਕਾਰ ਕਾਰੋਬਾਰੀ ਨੇ ਕਸ਼ਮੀਰ ਦੇ ਸਿੱਖਾਂ ਦੀ ਰਾਏ ਲੈਣ ਨੂੰ ਲਾਜ਼ਮੀ ਕਿਉਂ ਨਹੀਂ ਸਮਝਿਆ। ਇਸ ਦੇ ਉਲਟ, ਪਰਮਜੀਤ ਸਿੰਘ ਨੇ ਇਸ ਸੌਦੇ ਦਾ ਵਿਰੋਧ ਕਰਨ ਵਾਲਿਆਂ ਨੂੰ ਅਦਾਲਤੀ ਕੇਵੀਅਟ ਭੇਜੇ ਹਨ ਅਤੇ ਸਿੱਖ ਸੰਗਤ ਦੇ ਮੈਂਬਰਾਂ ਨੂੰ ਡਰਾਉਣ-ਧਮਕਾਉਣ ਦੀਆਂ ਕੋਸ਼ਿਸ਼ਾਂ ਕੀਤੀਆਂ ਹਨ ਅਤੇ ਝੂਠੇ ਬਿਆਨ ਕੀਤੇ ਹਨ ਕਿ ਉਨ੍ਹਾਂ ਦੇ ਇਸ ਕਾਰਜ ਨੂੰ ਅਕਾਲ ਤਖ਼ਤ ਸਾਹਿਬ ਦੀ ਸਰਪ੍ਰਸਤੀ ਹਾਸਲ ਹੈ।

ਕਸ਼ਮੀਰ ਦੇ ਸਿੱਖਾਂ ਨੇ ਦਹਾਕਿਆਂ ਦੀਆਂ ਚੁਣੌਤੀਆਂ, ਅਨਿਸ਼ਚਿਤਤਾਵਾਂ ਅਤੇ ਕੁਰਬਾਨੀਆਂ ਵਿਚਕਾਰ ਆਪਣੀਆਂ ਸੰਸਥਾਵਾਂ ਨੂੰ ਸੰਭਾਲਿਆ ਹੈ। ਉਹ ਨਾ ਸਰਪ੍ਰਸਤ ਲੱਭਦੇ ਹਨ ਅਤੇ ਨਾ ਹੀ ਉਨ੍ਹਾਂ ਨੂੰ ਲੋੜ ਹੈ। ਉਹ ਆਪਣੇ ਗੁਰਦੁਆਰਿਆਂ ਦੀ ਰੱਖਿਆ ਕਰਨ ਅਤੇ ਉਨ੍ਹਾਂ ਦਾ ਭਵਿੱਖ ਨਿਰਧਾਰਤ ਕਰਨ ਦੇ ਪੂਰੀ ਤਰ੍ਹਾਂ ਯੋਗ ਹਨ।

ਸਰਦਾਰ ਸਾਹਿਬ ਜੀ, ਤੁਹਾਨੂੰ ਸਿੱਖ ਸੰਗਤ ਦੀ ਰਜ਼ਾ ਅੱਗੇ ਸੀਸ ਨਿਵਾਉਣਾ ਚਾਹੀਦਾ ਹੈ। ਸੰਗਤ ਨੇ ਤੁਹਾਡੀ ਚਾਲ ਦਾ ਡਟ ਕੇ ਜਵਾਬ ਦਿੱਤਾ ਹੈ, ਆਪਣਾ ਪੱਖ ਲਗਾਤਾਰ ਰੱਖਿਆ ਹੈ ਅਤੇ ਗੁੱਸੇ ਜਾਂ ਤਿੱਖੇ ਬੋਲਾਂ ਤੋਂ ਬਚੀ ਰਹੀ ਹੈ। ਗੁਰਦੁਆਰਾ ਭਾਈ ਵੀਰ ਸਿੰਘ ਜੀ ਦੀ ਆਜ਼ਾਦ ਹਸਤੀ ਅਤੇ ਇਤਿਹਾਸਕ ਅਖੰਡਤਾ ਨੂੰ ਬਚਾਉਣ ਲਈ ਉਨ੍ਹਾਂ ਦੀ ਵਚਨਬੱਧਤਾ ਹਰ ਥਾਂ ਦੇ ਸਿੱਖਾਂ ਦੇ ਸਹਿਯੋਗ ਦੀ ਹੱਕਦਾਰ ਹੈ। ਜੇ ਤੁਸੀਂ ਹੁਣ ਸਹੀ ਕਦਮ ਚੁੱਕਦੇ ਹੋ, ਤਾਂ ਇਤਿਹਾਸ ਤੁਹਾਨੂੰ ਉਹ ਵਿਅਕਤੀ ਮੰਨੇਗਾ ਜਿਸ ਨੇ ਸਿੱਖ ਸੰਗਤ ਦੀ ਰਜ਼ਾ ਦਾ ਸਤਿਕਾਰ ਕੀਤਾ।

ਇਹ ਮਾਮਲਾ ਹੁਣ ਅਕਾਲ ਤਖ਼ਤ ਸਾਹਿਬ ਦੇ ਧਿਆਨ ਵਿੱਚ ਹੈ। ਤੁਹਾਡੇ, ਪਰਮਜੀਤ ਸਿੰਘ ਜਾਂ ਹੋਰਾਂ ਵੱਲੋਂ ਇਸ ਮਾਮਲੇ ਨੂੰ ਹੋਰ ਤਿੱਖਾ ਕਰਨ ਦੀ ਕੋਈ ਵੀ ਕੋਸ਼ਿਸ਼ ਉਲਟੀ ਪਵੇਗੀ, ਕਿਉਂਕਿ ਸੰਗਤ ਸਰਬਉੱਚ ਹੈ। ਪਰਮਜੀਤ ਸਿੰਘ ਪਹਿਲਾਂ ਹੀ ਇਹ ਦਾਅਵਾ ਕਰਕੇ ਗਲਤੀ ਕਰ ਚੁੱਕੇ ਹਨ ਕਿ ਅਕਾਲ ਤਖ਼ਤ ਸਾਹਿਬ ਨੇ ਇਸ ਪ੍ਰਾਜੈਕਟ ਨੂੰ ਆਸ਼ੀਰਵਾਦ ਦਿੱਤਾ ਹੈ, ਜਦਕਿ ਅਜਿਹਾ ਕੋਈ ਆਸ਼ੀਰਵਾਦ ਨਹੀਂ ਦਿੱਤਾ ਗਿਆ।

ਮੈਂ ਸਾਫ਼ ਤੇ ਉੱਚੀ ਆਵਾਜ਼ ਵਿੱਚ ਕਹਿਣਾ ਚਾਹੁੰਦਾ ਹਾਂ ਨਾ ਤੁਹਾਡੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨਾਲ ਨੇੜਤਾ, ਨਾ ਚੀਫ਼ ਖਾਲਸਾ ਦੀਵਾਨ ਦੀ ਪਹੁੰਚ, ਨਾ ਧਨਾਢ ਦਾਨੀਆਂ ਦੇ ਸਾਧਨ, ਅਤੇ ਨਾ ਹੀ ਸਥਾਨਕ ਅਹੁਦੇਦਾਰਾਂ ਦਾ ਸਹਿਯੋਗ ਕੋਈ ਵੀ ਗੱਲ ਉਹਨਾਂ ਕਦਮਾਂ ਨੂੰ ਜਾਇਜ਼ ਨਹੀਂ ਬਣਾ ਸਕਦੀ ਜਿਨ੍ਹਾਂ ਨੂੰ ਸੰਗਤ ਦਾ ਭਰੋਸਾ ਹਾਸਲ ਨਹੀਂ। ਸਿੱਖ ਸੰਸਥਾਵਾਂ ਆਪਣਾ ਅਧਿਕਾਰ ਪੰਥ ਅਤੇ ਸੰਗਤ ਤੋਂ ਲੈਂਦੀਆਂ ਹਨ, ਬੰਦ ਦਰਵਾਜ਼ਿਆਂ ਪਿੱਛੇ ਹੋਈਆਂ ਨਿੱਜੀ ਸਮਝੌਤੀਆਂ ਤੋਂ ਨਹੀਂ।

ਮੈਂ ਤੁਹਾਨੂੰ ਅਪੀਲ ਕਰਦਾ ਹਾਂ ਕਿ ਤੁਸੀਂ ਪਿੱਛੇ ਹਟੋ ਅਤੇ ਸਿੱਖ ਸੰਗਤ ਦੀ ਰਜ਼ਾ ਅੱਗੇ ਸੀਸ ਨਿਵਾਓ। ਕੋਈ ਹੋਰ ਕਦਮ ਗੰਦਲੇ ਪਾਣੀਆਂ ਵਿੱਚ ਮੱਛੀ ਫੜਨ ਵਰਗਾ ਹੋਵੇਗਾ ਜਾਂ ਫਿਰ ਕਹਾਂ, ਗੁਲਮਰਗ ਦੀਆਂ ਬਰਫ਼ਾਂ ਵਿੱਚ!

ਤੁਹਾਡਾ ਸੱਚੇ ਦਿਲੋਂ,

ਜਗਮੋਹਨ ਸਿੰਘ ਸੰਪਾਦਕ, ਵਰਲਡ ਸਿੱਖ ਨਿਊਜ਼

4 recommended
75 views
bookmark icon

Write a comment...

Your email address will not be published. Required fields are marked *