ਦੇਸ਼ ਦੀ ਸ਼ਾਨ, ਪਰੇਡ ਦਾ ਵਿਧਾਨ

 -  -  97


ਗਣਤੰਤਰ ਦਿਵਸ ਹੋਵੇ ਜਾਂ ਆਜ਼ਾਦੀ ਦਿਹਾੜਾ, ਦੇਸ਼ ਦੀ ਅਜ਼ੀਮ ਸ਼ਾਹਰਾਹ, ਰਾਜਪੱਥ, ਉਤੇ ਇਕ ਪਰੇਡ ਨਿਕਲਦੀ ਹੈ। ਇਹ ਕੁੱਲ ਮੁਲਕ ਦਾ ਸ਼ੋਅਕੇਸ ਹੁੰਦੀ ਹੈ। ਤੁਸੀਂ ਮੁਲਕ ਨੂੰ ਕੁਝ ਘੰਟੇ ਅਤੇ ਕੁਝ ਕਿਲੋਮੀਟਰ ਲੰਬੀ ਇਸ ਪਰੇਡ ਵਿੱਚ ਮਿਲ ਸਕਦੇ ਹੋ। ਮੁਲਕ ਕਿੰਨਾ ਰੰਗੀਨ ਹੈ, ਕਿੰਨੀਆਂ ਭਿੰਨਤਾਵਾਂ ਸਮੋਈ ਬੈਠਾ ਹੈ, ਕਿਹੜੇ ਮਰਹੱਲਿਆਂ ‘ਚੋਂ ਲੰਘ ਆਇਆ, ਕਿੰਨੀ ਤਰੱਕੀ ਕਰ ਆਇਆ, ਕਿੰਨਾ ਤਕੜਾ ਹੋ ਗਿਆ ਹੈ– ਪਰੇਡ ਇਸ ਉਦੇਸ਼ ਨੂੰ ਪ੍ਰਣਾਈ ਹੁੰਦੀ ਹੈ।

ਰ ਇਹ ਰਾਜਪੱਥ ਤੇ ਨਿਕਲਦੀ ਹੈ; ਸਰਕਾਰ, ਰਿਆਸਤ ਅਤੇ ਹਾਕਮ ਵੱਲੋਂ ਪ੍ਰਵਾਨਤ ਹੁੰਦੀ ਹੈ। ਇਹ ਮੁਲਕ ਦਾ ਪੇਸ਼-ਮੰਜ਼ਰ ਚਿਹਰਾ ਹੁੰਦੀ ਹੈ। ਪਸੇ-ਮੰਜ਼ਰ ਚਿਹਰਾ ਵੇਖਣ ਲਈ ਕਿਸੇ ਵੀ ਅਖ਼ਬਾਰ ਦੇ ਸਫ਼ੇ ਫੋਲ੍ਹੋ, ਆਲੇਦੁਆਲੇ ਨਜ਼ਰ ਮਾਰੋ, ਅੱਖਾਂ-ਕੰਨ-ਨੱਕ ਖੋਲ੍ਹੋ ਤੇ ਖੁਦਾਈ ਖ਼ਲਕਤ ਦਾ ਧਿਆਨ ਧਰੋ। ਮੁਲਕ ਟੋਲੋ।

ਮੁਲਕ ਦੀ ਹਰ ਰਾਹ, ਹਰ ਗਲੀ, ਹਰ ਸੜਕ, ਹਰ ਪਗਡੰਡੀ, ਹਰ ਵੱਟ ਤੇ ਹਰ ਚੜ੍ਹਦੇ ਡੁੱਬਦੇ ਸੂਰਜ ਸਾਡੀ ਹੋਣੀ ਦੀ ਪਰੇਡ ਨਿਕਲਦੀ ਹੈ। ਨਾਗਰਿਕਾਂ ਦੀਆਂ ਜੀਵਨ ਝਾਕੀਆਂ ਰੋਜ਼ ਜਰਨੈਲੀ ਸੜਕ ਤੋਂ ਕੁਝ ਹੀ ਕਿਲੋਮੀਟਰ ਅੰਦਰਵਾਰ ਮੁੜ੍ਹਕੇ ਦਿਸਦੀਆਂ ਹਨ। ਸਾਡੇ ਪਿੰਡਾਂ ਵਿੱਚ, ਉਨ੍ਹਾਂ ਦੇ ਵਿਹੜਿਆਂ ਵਿੱਚ, ਬਸਤੀਆਂ ਵਿਚ, ਸ਼ਹਿਰਾਂ ਦੇ ਕਿਨਾਰਿਆਂ ਤੇ ਉੱਭਰ ਆਈਆਂ ਧੱਕਾ ਕਲੋਨੀਆਂ ਵਿਚ, ਸਰਦ ਰਾਤਾਂ ਨੂੰ ਬੰਦ ਬਾਜ਼ਾਰਾਂ ਵਿਚਲੀਆਂ ਦੁਕਾਨਾਂ ਸਾਹਵੇਂ ਫਟੇ ਕੰਬਲ ਥੱਲੇ ਜੀਵਨ ਮੌਤ ਦੀ ਡੋਰ ਘੁੱਟ ਕੇ ਫੜ ਘੂਕ ਸੁੱਤੇ ਪਏ ਥੱਕੇ ਹੋਏ ਸਰੀਰਾਂ ਵਿਚ ਗਣਤੰਤਰ ਦੀ ਕਥਾ ਲਿਖੀ ਪਈ ਹੈ। ਬਸ ਇਹਨਾਂ ਨੂੰ ਰਾਜਪੱਥ ‘ਤੇ ਜਾਣ ਦੀ ਮਨਾਹੀ ਹੈ। ਇਸ ਕਥਾ ਉਤੇ ਹਕੂਮਤੀ ਪ੍ਰਵਾਨਗੀ ਦੀ ਮੋਹਰ ਨਹੀਂ, ਇਸ ਲਈ ਇਹ ਦੇਸ਼ਵਿਰੋਧੀ ਹੋ ਸਕਦੀ ਹੈ। ਜ਼ਿਆਦਾ ਰੌਲਾ ਪਾਓਗੇ, ਟਰੈਕਟਰ ਤੇ ਚੜ੍ਹ ਕੇ ਆਓਗੇ ਤਾਂ ਇਹ ਦੇਸ਼ਧ੍ਰੋਹੀ ਵੀ ਅਖਵਾ ਸਕਦੀ ਹੈ।

ਰਾਜਪੱਥ ਦੀ ਪਰੇਡ ਦੇਸ਼ ਦਾ ਗੌਰਵ ਹੈ। ਬੜਾ ਸੰਜੀਦਾ ਮੁੱਦਾ ਹੈ, ਸੰਵੇਦਨਸ਼ੀਲ ਮਾਮਲਾ ਹੈ। ਕੁਲ ਜਹਾਨ ਵੇਖਦਾ ਹੈ। ਇਸ ਵਿੱਚ ਖੌਰੂ ਨਹੀਂ ਪਾਇਆ ਜਾ ਸਕਦਾ। ਇਹ ਸੋਚ ਹੀ ਕਾਫ਼ਰਾਨਾ ਹੈ। ਪਰੇਡ ਵਿੱਚ ਟਰੈਕਟਰ? ਉਤੇ ਚੜ੍ਹੇ ਕਿਸਾਨ? ਹੱਕ ਮੰਗਦੇ ਮਜ਼ਦੂਰ? ਟਰੈਕਟਰਾਂ ਦਾ ਮਾਰਚ? ਇਹ ਸਹਿਣ ਨਹੀਂ ਕੀਤਾ ਜਾ ਸਕਦਾ।

ਪਰੇਡ ਨੂੰ ਦੁਨੀਆ ਦੇਖਦੀ ਹੈ, ਇਸੇਲਈ ਅਸੀਂ ਇਸ ਵਿੱਚ ਆਪਣੇ ਟੈਂਕ ਦਿਖਾਉਂਦੇ ਹਾਂ। ਸੜਕਾਂ ਉੱਤੇ ਤੋਪਾਂ ਲਿਆਉਂਦੇ ਹਾਂ; ਨਵੀਂਆਂ ਬਣਾਈਆਂ ਕਿਹੜੀਆਂ ਮਿਜ਼ਾਈਲਾਂ, ਦੁਨੀਆ ਨੂੰ ਜਾਣੂ ਕਰਵਾਉਂਦੇ ਹਾਂ। ਕਿੰਨੇ ਹਜ਼ਾਰ ਕਿਲੋਮੀਟਰ ਦੂਰ ਕਿਸ ਮੁਲਕ, ਕਿਸੇ ਸ਼ਹਿਰ, ਕਿਸੇ ਪਿੰਡ ਨੂੰ ਬਸ ਇਕ ਬਟਨ ਦਬਾ ਕੇ ਫੁੰਡ ਕੇ ਰੱਖ ਦਿਆਂਗੇ, ਇਹਦਾ ਮੁਜ਼ਾਹਰਾ ਕਰਦੇ ਹਾਂ।

ਵੇਖੋ ਸਾਡੇ ਫ਼ੌਜੀ, ਚੱਕ ਦਿਆਂਗੇ ਤੁਹਾਡੇ ਫੱਟੇ। ਅਸਾਡਾ ਲੜਾਕੂ ਜਹਾਜ਼, ਕਰੇ ਕਰਤੱਬ ਵਿਚ ਮੁਹਾਜ਼। ਚੀਤਾ ਜੇ ਸਾਡਾ ਹੈਲੀਕਾਪਟਰ, ਵੇਖੋ ਚਾਰੇ ਪਾਸੇ ਨੇ ਬੰਦੂਕਾਂ ਬੀੜ੍ਹੀਆਂ। ਇਹ ਚੜ੍ਹਾਈ ਅਸੀਂ ਟਰਾਲੇ ‘ਤੇ ਹੈ ਪਰ ਹੈ ਸਾਡੀ ਨਵੀਂ ਪਣਡੁੱਬੀ। ਵਿਚ ਐਟਮ ਬੰਬ ਵੀ ਫਿੱਟ ਕੀਤਾ ਹੈ ਤੇ ਤੁਹਾਡੇ ਚਮਗਾਦੜ ਰਾਡਾਰਾਂ ਤੋਂ ਫੜੀ ਵੀ ਨਹੀਂ ਜਾਣੀ। ਤਬਾਹੀ ਦਾ ਸਾਡਾ ਸਾਮਾਨ ਵੇਖੋ, ਤੇ ਤੁਹਾਡਾ ਆਵੇ ਕੋਈ ਰਾਸ਼ਟਰੀ ਦਿਹਾੜਾ ਤਾਂ ਸਾਨੂੰ ਵੀ ਆਪਣਾ ਮਾਲ ਵਿਖਾਓ। ਦੇਸ਼ ਸਾਡਾ ਬੜਾ ਹੋਇਆ ਮਹਾਨ, ਤੁਹਾਡਾ ਕਿੱਥੇ ਕੁ ਪਹੁੰਚਿਆ, ਇਹਦਾ ਵਖਿਆਨ ਕਰਵਾਓ। ਆਪਣੇ ਟੈਂਕਾਂ, ਤੋਪਾਂ, ਬੰਦੂਕਾਂ, ਪਣਡੁੱਬੀਆਂ ਦੇ ਦਰਸ਼ਨ ਸ਼ਰ੍ਹੇਆਮ ਕਰਵਾਓ।

ਕੁਝ ਭੁੱਲੇ, ਭੋਲੇ, ਮਾਸੂਮ ਨਾਗਰਿਕ ਇਸ ਦੇਸ਼ ਮਹਾਨ ਦੀ ਮੁਜੱਸਮੀ ਪਰੇਡ ਦੀ ਮਹਾਨਤਾ ਤੋਂ ਹਨ ਬੜੇ ਹੀ ਅਣਜਾਣ। ਟਰੈਕਟਰਾਂ ਹਜ਼ਾਰਾਂ ‘ਤੇ ਲਾ ਝੰਡੇ ਤਿਰੰਗੇ ਤੇ ਕਿਸਾਨੀ, ਕੱਢਣਾ ਚਾਹੁੰਦੇ ਹਨ ਆਪਣੀ ਹੀ ਕੋਈ ਪਰੇਡ! ਕੁਲ ਜਹਾਨ ਪਿਆ ਵੇਹਂਦਾ ਹੈ, ਭਲਾ ਕੀ ਸੋਚੇਗਾ ਭੈੜਾ ਸਾਡਾ ਗਵਾਂਢੀ? ਕੀ ਸਮਝਣਗੇ ਅਮਰੀਕਾ, ਰੂਸ, ਚੀਨ? ਹੈ ਕਿੰਨਾ ਕਮਜ਼ੋਰ ਭਾਰਤ,  ਮਜਬੂਰ ਇਹਦਾ ਹਾਕਮ, ਬਲਹੀਣ? ਇੰਝ ਭਲਾ ਖੇਡੀ ਜਾਂਦੀ ਹੈ ਖੇਡ? ਰਾਜਪੱਥ ‘ਤੇ ਜੇ ਕਿਸੇ ਦਿਨ ਨਿਕਲ ਜਾਵੇ ਕੋਈ ਐਸੀ ਕਿਸਾਨਾਂ, ਮਜ਼ਦੂਰਾਂ, ਮਿਹਨਤਕਸ਼ ਕਾਮਿਆਂ, ਮੁਲਾਜ਼ਮਾਂ,  ਦੁਕਾਨਦਾਰਾਂ, ਸਫਾਈਸੇਵਕਾਂ, ਨਾਗਰਿਕ ਅਧਿਕਾਰਾਂ ਦੇ ਘੁਲਾਟੀਆਂ, ਆਦਿਵਾਸੀਆਂ, ਘੱਟਗਿਣਤੀਆਂ, ਹਾਸ਼ੀਏ-ਧੱਕੀਆਂ ਔਰਤਾਂ, ਬੇਰੁਜ਼ਗਾਰ ਨੌਜਵਾਨਾਂ ਦੀ ਕੋਈ ਐਸੀ ਸ਼ਰਮਸਾਰ ਕਰਦੀ ਪਰੇਡ?

ਮਿੱਟੀ ਵਿੱਚ ਮਿਲ ਜਾਵੇਗੀ ਮੁਲਕ ਦੀ ਇੱਜ਼ਤ; ਆ ਜਾਏਗੀ ਅਸਲੀਅਤ ਬਾਹਰ। ਖੁੱਲ੍ਹ ਜਾਏਗੀ ਮੁੱਠੀ, ਭੁੜਕ ਕੇ ਹੋਵੇਗੀ ਬਿੱਲੀ ਥੈਲਿਓਂ ਬਾਹਰ। ਉੱਠ ਖੜ੍ਹੇ ਹੋਣਗੇ ਸਵਾਲ। ਟੈਂਕਾਂ, ਤੋਪਾਂ,  ਮਿਜ਼ਾਈਲਾਂ, ਪਣਡੁੱਬੀਆਂ, ਚੰਦਰਮਾ ਵੰਨੀ ਦਾਗੇ ਰਾਕਟਾਂ, ਬੁਲੇਟ ਟ੍ਰੇਨ ਯੋਜਨਾਵਾਂ ਦੇ ਪਰਛਾਵਿਆਂ ਥੱਲੇ ਇਹ ਜੀਵੀ ਜਾਂਦੀ ਹਿੰਦੁਸਤਾਨੀ ਜ਼ਿੰਦਗੀ ਦੀ ਇਹ ਨਿੱਤ ਦਿਨ ਦੀ ਝਾਂਕੀ। ਪਹੁ-ਫੁਟਾਲੇ ਮੋਢੇ ਤੇ ਕਹੀ ਰੱਖ ਘਰੋਂ ਨਿਕਲਦਾ ਅੱਧਖੜ ਉਮਰ ਦਾ ਬਾਪੂ; ਬਿਨਾਂ ਕਿਸੇ ਨੌਕਰੀ ਦੀ ਸੰਭਾਵਨਾ ਦੇ ਕਿਸੇ ਲੋਟੂ ਪ੍ਰਾਈਵੇਟ ਯੂਨੀਵਰਸਿਟੀ ਵਿੱਚ ਡਿਗਰੀ ਟੋਲਦਾ ਉਹਦਾ ਪੁੱਤਰ  ਨੌਜਵਾਨ; ਘਰੇ ਗੋਹਾ ਕੂੜਾ ਚੁਕਦੀ ਉਹਦੀ ਬੀ.ਏ ਪਾਸ ਕੁੜੀ; ਖੇਤਾਂ ਤੋਂ ਰਸੋਈ ਤਕ ਚਮੜੀ ਨੂੰ ਉਮਰ ਤੋਂ ਬਹੁਤੀ ਹੰਢਾ ਚੁੱਕੀ ਉਹਦੀ ਘਰਵਾਲੀ; ਇਕ ਬੀਮਾਰੀ ਦੱਸਦੀ ਤੇ ਦੂਜੀਆਂ ਦੋ ਛੁਪਾਉਂਦੀ ਉਹਦੀ ਦਮੇ ਨਾਲ ਗ੍ਰਸੀ ਮਾਂ; ਤੇ ਟੁੱਟੇ ਚੂਲੇ ਤੇ ਮੋਟੀ ਡਾਂਗ ਸਹਾਰੇ ਢਿੱਲੀ ਦੌਣ ਵਾਲੇ ਮੰਜੇ ਤੇ ਦਿਨ-ਕੱਟੀ ਕਰਦਾ, ਡੰਗਰ ਚਾਰੇ ’ਤੇ ਨਜ਼ਰ ਰੱਖਦਾ, ਤਿੜਕੀ ਹੋਈ ਐਨਕ ਥਾਣੀਂ ਵੇਂਹਦਾ ਉਹਦਾ ਨਿੱਤਨੇਮੀ ਬਾਪ।

ਜੇ ਕਿਤੇ ਰਾਜਪੱਥ ਉਤੇ ਕਿਸੇ ਦਿਨ ਨਿਕਲ ਗਈ ਇਹ ਝਾਕੀ ਤਾਂ ਦੇਸ਼ ਦੀ ਇੱਜ਼ਤ ਦਾ ਹੋ ਜਾਵੇਗਾ ਨਾ ਘਾਣ? ਕੋਈ ਸਫ਼ਾਈ-ਸੇਵਕ ਜੇ ਕਿਸੇ ਟ੍ਰੈਕਟਰ ‘ਤੇ ਜੱਟ ਨਾਲ ਚੜ੍ਹ ਕੇ ਆ ਗਿਆ, ਲੈ ਆਇਆ ਨਾਲ ਗਟਰ ਦਾ ਢੱਕਣ ਤੇ ਲੱਗਿਆ ਇਹ ਸਮਝਾਉਣ ਕਿ ਕਿਵੇਂ ਉਤਰ ਜਾਂਦਾ ਹੈ ਭਗਵਾਨ-ਅਕਾਲਪੁਰਖ-ਅੱਲ੍ਹਾਹ ਦਾ ਬਣਾਇਆ ਇਹ ਕ੍ਰਿਸ਼ਮਈ ਇਨਸਾਨ ਆਪਣੇ ਹੀ ਸਾਥੀ ਇਨਸਾਨਾਂ ਦੇ ਟੱਟੀ ਪਿਸ਼ਾਬ ਵਾਲੇ ਸੀਵਰ ਵਿੱਚ; ਕਰ ਦਿੰਦਾ ਹੈ ਅੰਦਰ ਮਾਰ ਕੇ ਡਾਂਗ ਸਵੱਛ ਭਾਰਤ; ਰੱਖਦਾ ਹੈ ਇਉਂ ਰੋਜ਼ਾਨਾ ਜ਼ਿੰਦਗੀ ਦਾ ਪਹੀਆ ਘੁੰਮਦਾ; ਜ਼ੇਰੇ ਜ਼ਮੀਨ  ਨਾਲੀਆਂ ਨੂੰ ਰੱਖੇ ਰਵਾਂ ਚੱਲਦਾ। ਏਨਾ ਗਿਆਨ ਕਿਵੇਂ ਝੱਲ ਲਵੇਗਾ ਮੇਰਾ ਮਲੂਕ ਜਿਹਾ ਇਹ ਭਾਰਤ ਮਹਾਨ?

ਰਾਜਪੱਥ ‘ਤੇ ਪੈ ਜਾਵੇਗਾ ਗੰਦ, ਜੇ ਕਿਤੇ ਫੜ ਲਿਆ ਇਹਨਾਂ ਇਹ ਪੰਧ। ਝਾਕੀਆਂ ਸਰਕਾਰੀ ਹੀ ਹੁੰਦੀਆਂ ਹਨ ਪ੍ਰਵਾਨ, ਬਾਹਰੋਂ ਆਵੇ ਜਾਂ ਨਾ ਆਵੇ ਕੋਈ ਮਹਿਮਾਨ। ਮੁਲਕ ਦਾ ਕਿਉਂ ਮਾੜਾ ਵੇਖੇ ਕੋਈ ਸਾਮਾਨ?

ਪਰ ਇਹ ਟੈਂਕਾਂ, ਤੋਪਾਂ, ਮਿਜ਼ਾਈਲਾਂ, ਲੜਾਕੂ ਜਹਾਜ਼, ਪਣਡੁੱਬੀਆਂ ਹੁੰਦੀਆਂ ਹਨ ਕਿਸ ਲਈ ਗਿਆਨ? ਦੁਸ਼ਮਣ ਨਜ਼ਰ ਰੱਖਦਾ ਹੈ 365 ਦਿਨ, 24 ਘੰਟੇ ਸ੍ਰੀਮਾਨ। ਉਹ ਤਾਂ ਪਹਿਲੋਂ ਹੀ ਹੈ ਜਾਣਦਾ, ਕਿੰਨੀਆਂ ਹਨ ਤੁਹਾਡੇ ਕੋਲ ਬੋਫੋਰਜ਼, ਕਿੰਨੀਆਂ ਪਨਡੁੱਬੀਆਂ ‘ਤੇ ਬੀੜ੍ਹੀਆਂ ਹਨ ਐਟਮੀ ਮਿਜ਼ਾਈਲਾਂ? ਕਿੰਨੇ ਲੜਾਕੂ ਜਹਾਜ਼ ਉੱਡਣਗੇ ਕਿੱਥੋਂ, ਕਿੱਥੇ ਬੈਠੇ ਹਨ ਸਾਡੇ ਫ਼ੌਜੀ ਰੜੇ ਮੈਦਾਨ? ਦੁਨੀਆਂ ਹੁੰਦੀ ਸੀ ਕਦੀ ਵਿਸ਼ਾਲ, ਸਿਰਫ਼ ਗੋਲ। ਹੁਣ ਬਦਲ ਗਿਆ ਹੈ ਭੂਗੋਲ। ਬਣ ਗਈ ਹੈ ਇਹ ਆਲਮੀ ਪਿੰਡ। ਸ਼ਰੀਕ ਜਾਣਦਾ ਹੈ ਸਾਡੀ ਤਾਕਤ, ਠੀਕ ਜਿਵੇਂ ਅਸੀਂ ਪਛਾਣਦੇ ਹਾਂ ਉਹਦੀ ਤਾਕਤ। ਫਿਰ ਮੁਜ਼ਾਹਰਾ ਹੈ ਕਿਸ ਵਾਸਤੇ? ਕਿਸ ਨੂੰ ਹੈ ਦੱਸਣਾ ਕਿ ਹਾਕਮ ਹੈ ਕਿੰਨਾ ਮਜ਼ਬੂਤ, ਕਿੰਨਾ ਹਥਿਆਰਬੰਦ, ਤਾਕਤਵਰ, ਦਬੰਗ?

ਕੁਝ ਭੁੱਲੇ, ਭੋਲੇ, ਮਾਸੂਮ ਨਾਗਰਿਕ ਇਸ ਦੇਸ਼ ਮਹਾਨ ਦੀ ਮੁਜੱਸਮੀ ਪਰੇਡ ਦੀ ਮਹਾਨਤਾ ਤੋਂ ਹਨ ਬੜੇ ਹੀ ਅਣਜਾਣ। ਟਰੈਕਟਰਾਂ ਹਜ਼ਾਰਾਂ ‘ਤੇ ਲਾ ਝੰਡੇ ਤਿਰੰਗੇ ਤੇ ਕਿਸਾਨੀ, ਕੱਢਣਾ ਚਾਹੁੰਦੇ ਹਨ ਆਪਣੀ ਹੀ ਕੋਈ ਪਰੇਡ! ਕੁਲ ਜਹਾਨ ਪਿਆ ਵੇਹਂਦਾ ਹੈ, ਭਲਾ ਕੀ ਸੋਚੇਗਾ ਭੈੜਾ ਸਾਡਾ ਗਵਾਂਢੀ? ਕੀ ਸਮਝਣਗੇ ਅਮਰੀਕਾ, ਰੂਸ, ਚੀਨ? ਹੈ ਕਿੰਨਾ ਕਮਜ਼ੋਰ ਭਾਰਤ,  ਮਜਬੂਰ ਇਹਦਾ ਹਾਕਮ, ਬਲਹੀਣ?

ਖੇਡ ਹੁਣ ਨੰਗੀ ਚਿੱਟੀ ਹੈ, ਪਰੇਡ ਹਕੂਮਤ ਦੀ ਤਾਕਤ ਦੱਸਦੀ ਹੱਟੀ ਹੈ। ਸਜਾ ਕੇ ਰੱਖਿਆ ਹੈ ਕਿੰਨਾ ਸਾਮਾਨ, ਮਿਲੇ ਨਾਗਰਿਕ ਮਾਸੂਮ ਨੂੰ ਇਹ ਅਗੰਮੀ ਗਿਆਨ–ਵੇਖ ਲਵੀਂ ਹਕੂਮਤ ਨਾਲ ਪੰਗਾ ਸੋਚ ਸਮਝ ਕੇ ਲਵੀਂ।

ਜੇ ਲੋਕਾਂ ਦੀ ਹੋ ਜਾਵੇ ਪਰੇਡ ਤਾਂ ਰਾਜਪੱਥ ਤੇ ਟੁਰਣਗੇ ਟ੍ਰੈਕਟਰ। ਨੰਗੇ ਪੈਰੀਂ ਟੁਰਨਗੇ ਆਦਿਵਾਸੀ। ਡਰਿਆ ਸਹਿਮਿਆ ਆਵੇਗਾ ਮੁਹੰਮਦ ਅਖ਼ਲਾਕ। ਜੋੜਾ ਇੱਕ ਕੱਢੇਗਾ ਝਾਕੀ–‘ਜੀ ਮੈਂ ਮੁਸਲਮਾਨ, ਇਹ ਮੇਰੀ ਘਰਵਾਲੀ ਜੈ ਸ੍ਰੀ ਰਾਮ ਕਹਿੰਦੀ, ਛਤਰਛਾਇਆ ਉੱਤੇ ਸੰਵਿਧਾਨ ਦੀ ਰਹਿੰਦੀ।’ ਕਰ ਸਕੇ ਨਾ ਕੋਈ ਵਾਲ ਵਿੰਗਾ ਕਿਸੇ ਘੱਟਗਿਣਤੀ ਦਾ। ਕੌਣ ਢਾਹ ਸਕਦਾ ਹੈ ਕੋਈ ਮੰਦਰ, ਮਸਜਿਦ, ਗਿਰਜਾ, ਗੁਰਦੁਆਰੇ ਦੀ ਕੰਧ? ਦੇਸ਼ ਵਿੱਚ ਹੈ ਕਾਨੂੰਨ, ਸੰਵਿਧਾਨ ਵਿੱਚ ਅਧਿਕਾਰ, ਸਰਕਾਰ ਕੋਲ ਉਪਚਾਰ, ਨਹੀਂ ਤਾਂ ਜੇਲ੍ਹ ਵੀ ਹੈ ਤਿਆਰ।

ਪਿਛਲੇ ਟਰਾਲੇ ਤੇ ਚੌਕੜੀ ਮਾਰ ਬੈਠਾ ਹੈ ਸਟੈਨ ਸਵਾਮੀ, ਪੜ੍ਹ ਰਿਹਾ ਹੈ ਕਵਿਤਾ ਵਰਵਰਾ ਰਾਓ, ਲਿਖ ਰਹੀ ਲੋਕਾਂ ਦੀ ਕਥਾ ਸੁਧਾ ਭਾਰਦਵਾਜ। ਤੁਸਾਂ ਅਗਲੀ ਝਾਕੀ ਵੱਲ ਦੇਣਾ ਧਿਆਨ–ਹਕੂਮਤੀ ਲਾਪ੍ਰਵਾਹੀ ਅਤੇ ਰੱਸੇ ਨਾਲ ਝੂਲ ਰਿਹਾ ਕਿਸਾਨ।

ਪਿਛਲੇ ਟਰਾਲੇ ਤੇ ਚੌਕੜੀ ਮਾਰ ਬੈਠਾ ਹੈ ਸਟੈਨ ਸਵਾਮੀ, ਪੜ੍ਹ ਰਿਹਾ ਹੈ ਕਵਿਤਾ ਵਰਵਰਾ ਰਾਓ, ਲਿਖ ਰਹੀ ਲੋਕਾਂ ਦੀ ਕਥਾ ਸੁਧਾ ਭਾਰਦਵਾਜ। ਤੁਸਾਂ ਅਗਲੀ ਝਾਕੀ ਵੱਲ ਦੇਣਾ ਧਿਆਨ–ਹਕੂਮਤੀ ਲਾਪ੍ਰਵਾਹੀ ਅਤੇ ਰੱਸੇ ਨਾਲ ਝੂਲ ਰਿਹਾ ਕਿਸਾਨ।

ਕੁਝ ਝਾਕੀਆਂ ਗ਼ਮਗੀਨ ਹਨ, ਬਾਕੀ  ਰੰਗ-ਰੰਗੀਨ ਹਨ। ਇਹ ਟਰਾਲੀ ਗ਼ੈਰ-ਪ੍ਰਵਾਨਿਤ ਰੂਟ ਤੋਂ ਆਈ ਹੈ। ਕਾਰਪੋਰੇਟੀ ਜਾਦੂਈ ਕਲਾ ਦਾ ਨਮੂਨਾ ਵਿਖਾਉਂਦੀ। ਵੇਖੋ ਸਿੱਖਿਆ, ਸਿਹਤ ‘ਚੋਂ ਗਾਇਬ ਹੁੰਦੀ ਸਰਕਾਰ; ਉੱਡ ਗਿਆ ਅਦਾਲਤ ‘ਚੋਂ ਨਿਆਂ; ਹਾਕਮ ‘ਚੋਂ ਦਇਆ, ਤਰਸ, ਪ੍ਰਜਾ ਦੀ ਪੀੜ ਦਾ ਅਹਿਸਾਸ। ਪਿੱਛੇ ਲੱਗਿਆ ਹੈ ਕਿੱਡਾ ਵੱਡਾ ਭੁਕਾਨਾ? ਜਿਸ ਵਿੱਚ ਭਰੀ ਜਾ ਰਹੀ ਹੈ ਜੀਡੀਪੀ ਦੀ ਗੈਸ। ਇਹਦੀ ਰੱਖਿਆ ਕਰ ਰਹੀ ਹੈ ਪੁਲਸ, ਫੌਜ, ਆਲਮੀ ਬੈਂਕ, ਮੁਦਰਾਕੋਸ਼। ਕੁਹਾੜੀ ਮਾਰ ਫੋੜ ਨਾ ਦੇਵੇ ਕੋਈ ਕਿਸਾਨ।

ਇਹ ਪਰੇਡ ਪਾਰਲੇ ਪਾਸੇ ਹੀ ਠੀਕ ਹੈ। ਮਾਮਲਾ ਸੰਵੇਦਨਸ਼ੀਲ ਹੈ। ਏਧਰ ਟੈਂਕਾਂ, ਬੰਦੂਕਾਂ, ਤੋਪਾਂ, ਜਹਾਜ਼ਾਂ, ਪਣਡੁੱਬੀਆਂ ਜੋਗੀ ਜ਼ਮੀਨ ਹੈ। ਰਾਜ ਦਾ ਪੱਥ ਹੈ। ਕਿਸਾਨ-ਮਜ਼ਦੂਰ-ਕਾਮੇ ਰੱਜੇ-ਪੁੱਜੇ ਦੇਸ਼ ਦੀ ਵੱਟ ਤੋਂ ਪਾਰਲੇ ਪਾਸੇ ਹੀ ਠੀਕ ਹਨ। ਝੰਡੇ ਤਿਰੰਗੇ ਨਾਲ ਬੀੜ੍ਹ ਦੇਵੋ ਭਾਵੇਂ ਨਿਸ਼ਾਨ ਕੇਸਰੀ, ਫਰੇਰੇ ਲਾਲ ਨੀਲੇ। ਦਿਖਾਵਾਂਗੇ ਦੂਰਦਰਸ਼ਨ ‘ਤੇ ਅਸੀਂ ਸਿਰਫ ਸੋਹਣੇ ਭਾਰਤ ਦੇ ਦਰਸ਼ਨ ਬਥ੍ਹੇਰੇ। ਜਨ-ਗਨ-ਮਨ ਤੇ ਜ਼ਿੰਦਾਬਾਦ ਦੀ ਧੁਨ ‘ਤੇ ਦੋ ਮੁਲਕ ਕਰਨਗੇ ਪਰੇਡ। ਪਾਣੀ ਵਾਲੀ ਤੋਪ ਵੀ ਹੈ ਤਿਆਰ, ਟਰੈਕਟਰ ਵੀ ਚਮਕਾਇਆ ਹੈ। ਪੂਰੀ ਤਿਆਰੀ ਹੈ, ਗਣਤੰਤਰ ਦੀ ਹਵਾ ਤਾਰੀ ਹੈ।

ਇਸ ਲਿਖਤ ਦਾ ਖਾਲਸ ਸ਼ਹਿਰੀ ਲੇਖਕ ਦਿੱਲੀ ਵਿਚ ਹੋ ਰਹੇ ਮਾਨਵਤਾ ਨੂੰ ਸਮਰਪਿਤ ਵਿਸ਼ਾਲ ਟਰੈਕਟਰ ਮਾਰਚ ਵਿਚ ਹਿੱਸਾ ਲੈ ਰਿਹਾ ਹੈ ਤੇ ਇੱਕੋ ਦਿੰਨ ਹੋ ਰਹੀਆਂ ਦੋਵੇਂ ਪਰੇਡਾਂ ਨੂੰ ਤੋਲ ਮੋਲ ਕੇ ਵੇਖ ਤੱਤਸਾਰ ਕੱਢਣ ‘ਤੇ ਆਮਦਾ ਹੈ। ਪੰਜਾਬ ਦੇ ਅਤੀਤ ਤੇ ਹੁਸਨ ਇਖ਼ਲਾਕ ਭਰੀਆਂ ਸੰਭਾਵਨਾਵਾਂ ਵਾਲੇ ਭਵਿੱਖ ਬਾਰੇ ਸ਼ਬਦਾਂ ਅਤੇ ਵਿਆਖਿਆਵਾਂ ਨਾਲ ਸ਼ਿੰਗਾਰੀ ਇਹ ਤਹਿਰੀਰ ਤੁਹਾਨੂੰ ਰਾਜਨੀਤੀ, ਸਮਾਜ ਅਤੇ ਪੰਜਾਬੀ ਮਨੁੱਖ ਦੇ ਸਨਮੁੱਖ ਉਸ ਜ਼ਾਵੀਏ ਤੋਂ ਮੁਲਾਕਾਤ ਕਰਵਾਏਗੀ ਜਿਸ ਨੂੰ ਵੇਖ ਸਾਡੀ ਧਰਤੀ, ਇਹਦੇ ਲੋਕ ਅਤੇ ਸਭਿਆਚਾਰ ਸਿਰ ਨਿਵਾਉਣ, ਮੱਥਾ ਟੇਕਣ ਯੋਗ ਜਾਪਣ।

97 recommended
1172 views
bookmark icon

Write a comment...

Your email address will not be published. Required fields are marked *