ਨੌਜਵਾਨ ਹੈਨਰੀ ਨੋਵਾਕ ਦੀ ਹੱਤਿਆ ਨੇ ਮਨੁੱਖਤਾ ਦੀ ਅੰਤਰਆਤਮਾ ਨੂੰ ਝੰਜੋੜਿਆ; ਅਕਾਲ ਤਖ਼ਤ ਵੱਲੋਂ ਉਸਦੇ ਪਰਿਵਾਰ ਨਾਲ ਹਮਦਰਦੀ ਅਤੇ ਏਕਤਾ ਦਾ ਸੱਦਾ
![ਨੌਜਵਾਨ ਵਿਦਿਆਰਥੀ ਹੈਨਰੀ ਨੋਵਾਕ—ਨੋਵਾਕ ਪਰਿਵਾਰ ਦੇ ਇੱਕ ਪਿਆਰੇ ਮੈਂਬਰ ਦੀ ਇੱਕ ਹੋਰ ਨੌਜਵਾਨ ਦੇ ਹੱਥੋਂ ਹੋਈ ਨਿਰਦਈ ਹੱਤਿਆ, ਜਿਸ ਦੀ ਗੰਭੀਰਤਾ ਨੂੰ ਪੁਲਿਸ ਦੀ ਅਸਥਾਈ ਗ਼ਲਤ ਅਨੁਮਾਨਬੰਦੀ ਨੇ ਹੋਰ ਵਧਾ ਦਿੱਤਾ, ਨੇ ਸਿੱਖਾਂ ਦੀ ਸਰਵੋਚ ਧਾਰਮਿਕ ਸੰਸਥਾ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਸਿੰਘ ਸਾਹਿਬ ਗਿਆਨੀ ਕੁਲਦੀਪ ਸਿੰਘ ਗੜਗੱਜ ਨੂੰ ਇੱਕ ਨਿੱਜੀ ਸ਼ੋਕ ਸੰਦੇਸ਼ ਜਾਰੀ ਕਰਨ ਲਈ ਪ੍ਰੇਰਿਤ ਕੀਤਾ ਹੈ। ਪੰਜਾਬ ਦੀਆਂ ਸਰਹੱਦਾਂ ਤੋਂ ਬਾਹਰ ਵਾਪਰੇ ਅਪਰਾਧ ਬਾਰੇ ਕਿਸੇ ਜਥੇਦਾਰ ਵੱਲੋਂ ਇਸ ਤਰ੍ਹਾਂ ਦਾ ਦਖ਼ਲ ਬੇਮਿਸਾਲ ਹੈ। ਜਥੇਦਾਰ ਸਾਹਿਬ ਨੇ ਜ਼ੋਰ […]](https://www.theworldsikhnews.com/wp-content/uploads/2026/06/Henry-360x267.jpg)
ਨੌਜਵਾਨ ਵਿਦਿਆਰਥੀ ਹੈਨਰੀ ਨੋਵਾਕ—ਨੋਵਾਕ ਪਰਿਵਾਰ ਦੇ ਇੱਕ ਪਿਆਰੇ ਮੈਂਬਰ ਦੀ ਇੱਕ ਹੋਰ ਨੌਜਵਾਨ ਦੇ ਹੱਥੋਂ ਹੋਈ ਨਿਰਦਈ ਹੱਤਿਆ, ਜਿਸ ਦੀ ਗੰਭੀਰਤਾ ਨੂੰ ਪੁਲਿਸ ਦੀ ਅਸਥਾਈ ਗ਼ਲਤ ਅਨੁਮਾਨਬੰਦੀ ਨੇ ਹੋਰ ਵਧਾ ਦਿੱਤਾ, ਨੇ ਸਿੱਖਾਂ ਦੀ ਸਰਵੋਚ ਧਾਰਮਿਕ ਸੰਸਥਾ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਸਿੰਘ ਸਾਹਿਬ ਗਿਆਨੀ ਕੁਲਦੀਪ ਸਿੰਘ ਗੜਗੱਜ ਨੂੰ ਇੱਕ ਨਿੱਜੀ ਸ਼ੋਕ ਸੰਦੇਸ਼ ਜਾਰੀ ਕਰਨ ਲਈ ਪ੍ਰੇਰਿਤ ਕੀਤਾ ਹੈ।
ਪੰਜਾਬ ਦੀਆਂ ਸਰਹੱਦਾਂ ਤੋਂ ਬਾਹਰ ਵਾਪਰੇ ਅਪਰਾਧ ਬਾਰੇ ਕਿਸੇ ਜਥੇਦਾਰ ਵੱਲੋਂ ਇਸ ਤਰ੍ਹਾਂ ਦਾ ਦਖ਼ਲ ਬੇਮਿਸਾਲ ਹੈ। ਜਥੇਦਾਰ ਸਾਹਿਬ ਨੇ ਜ਼ੋਰ ਦੇ ਕੇ ਕਿਹਾ ਹੈ ਕਿ ਨਿਆਂ ਨੇ ਕਾਨੂੰਨੀ ਪ੍ਰਕਿਿਰਆ ਰਾਹੀਂ ਆਪਣਾ ਰਸਤਾ ਅਖ਼ਤਿਆਰ ਕਰ ਲਿਆ ਹੈ ਅਤੇ ਬਰਤਾਨੀਆ ਦੀ ਸਿੱਖ ਕੌਮ ਕਾਨੂੰਨ ਦੇ ਰਾਜ ਦਾ ਪੂਰਾ ਸਤਿਕਾਰ ਕਰਦੀ ਹੈ। ਉਨ੍ਹਾਂ ਕਿਹਾ ਕਿ ਕਿਸੇ ਵੀ ਵਿਅਕਤੀ ਦੀ ਪਿਛੋਕੜ ਜੋ ਮਰਜ਼ੀ ਹੋਵੇ, ਗ਼ਲਤ ਕੰਮ ਦਾ ਨਿਰਣਾ ਕਾਨੂੰਨ ਅਤੇ ਜ਼ਮੀਰ ਦੇ ਅਧਾਰ ’ਤੇ ਹੀ ਹੋਣਾ ਚਾਹੀਦਾ ਹੈ।
ਜਿੱਥੇ ਇਸ ਅਪਰਾਧ ਲਈ ਇਕ ਕਿਸਮ ਦੇ ਖੰਜਰ ਦੀ ਵਰਤੋਂ ਕਰਨ ਵਾਲਾ ਨੌਜਵਾਨ ਵਿਕਰਮ ਸਿੰਘ ਡਿਗਵੇ ਆਪਣੀ ਜ਼ਿੰਦਗੀ ਦੇ ਸਭ ਤੋਂ ਕੀਮਤੀ ਸਾਲ ਜੇਲ੍ਹ ਵਿੱਚ ਬਿਤਾਵੇਗਾ, ਉੱਥੇ ਉਸਦੀ ਮਾਤਾ ਸਜ਼ਾ ਸੁਣਾਏ ਜਾਣ ਦੀ ਉਡੀਕ ਕਰ ਰਹੀ ਹੈ ਅਤੇ ਉਸਦਾ ਭਰਾ ਤੇ ਪਿਤਾ ਅਜੇ ਮੁਕੱਦਮੇ ਦਾ ਸਾਹਮਣਾ ਕਰਨਗੇ। ਇਸ ਪ੍ਰਸੰਗ ਵਿੱਚ ਜਥੇਦਾਰ ਕੁਲਦੀਪ ਸਿੰਘ ਨੇ ਅਦਾਲਤ ਵਿੱਚ ਕਹੇ ਗਏ ਉਹ ਸ਼ਬਦ ਦੁਹਰਾਏ: “ਇਹ ਮਾਮਲਾ ਸਿੱਖ ਧਰਮ ਬਾਰੇ ਨਹੀਂ ਹੈ… ਇਹ ਮਾਮਲਾ ਇੱਕ ਕਤਲ ਦਾ ਹੈ।”

ਬਰਤਾਨਵੀ ਨੌਜਵਾਨ ਹੈਨਰੀ ਨੋਵਾਕ ਦੀ ਮੌਤ ’ਤੇ ਡੂੰਘੇ ਦੁੱਖ ਦਾ ਪ੍ਰਗਟਾਵਾ ਕਰਦਿਆਂ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਗਿਆਨੀ ਕੁਲਦੀਪ ਸਿੰਘ ਗੜਗੱਜ ਨੇ ਸੋਗਵਾਨ ਪਰਿਵਾਰ ਨਾਲ ਦਿਲੀ ਹਮਦਰਦੀ ਪ੍ਰਗਟ ਕੀਤੀ ਹੈ ਅਤੇ ਦੁਨੀਆ ਭਰ ਦੇ ਸਿੱਖਾਂ ਨੂੰ ਅਪੀਲ ਕੀਤੀ ਹੈ ਕਿ ਉਹ ਇਸ ਅਸਹਿ ਦੁੱਖ ਦੀ ਘੜੀ ਵਿੱਚ ਨੋਵਾਕ ਪਰਿਵਾਰ ਦੇ ਨਾਲ ਖੜ੍ਹੇ ਹੋਣ।
ਸ੍ਰੀ ਅਕਾਲ ਤਖ਼ਤ ਸਾਹਿਬ ਤੋਂ ਜਾਰੀ ਆਪਣੇ ਦਸਤਖ਼ਤਸ਼ੁਦਾ ਬਿਆਨ ਵਿੱਚ ਜਥੇਦਾਰ ਸਾਹਿਬ ਨੇ ਕਿਹਾ ਕਿ ਇੱਕ ਨੌਜਵਾਨ ਜੀਵਨ ਦਾ ਇਸ ਤਰ੍ਹਾਂ ਖ਼ਤਮ ਹੋ ਜਾਣਾ ਇੱਕ ਅਜਿਹੀ ਤ੍ਰਾਸਦੀ ਹੈ ਜੋ ਕੌਮ, ਕੌਮੀਅਤ ਅਤੇ ਧਰਮ ਦੀਆਂ ਹੱਦਾਂ ਤੋਂ ਪਰੇ ਹੈ। ਉਨ੍ਹਾਂ ਕਿਹਾ ਕਿ ਕੋਈ ਵੀ ਸ਼ਬਦ ਮਾਪਿਆਂ ਅਤੇ ਪਰਿਵਾਰਕ ਮੈਂਬਰਾਂ ਦੇ ਉਸ ਦਰਦ ਨੂੰ ਪੂਰੀ ਤਰ੍ਹਾਂ ਭਰ ਨਹੀਂ ਸਕਦੇ, ਜੋ ਆਪਣੇ ਪੁੱਤਰ ਨੂੰ ਗੁਆ ਬੈਠੇ ਹਨ। ਉਨ੍ਹਾਂ ਸਿੱਖ ਕੌਮ ਨੂੰ ਅਪੀਲ ਕੀਤੀ ਕਿ ਉਹ ਹਮਦਰਦੀ, ਦਇਆ ਅਤੇ ਸਹਿਯੋਗ ਦੀ ਭਾਵਨਾ ਨਾਲ ਪ੍ਰਤੀਕਿਿਰਆ ਕਰੇ।
ਜਥੇਦਾਰ ਸਾਹਿਬ ਨੇ ਕਿਹਾ, “ਆਪਣੇ ਬੱਚੇ ਨੂੰ ਗੁਆ ਬੈਠੇ ਪਰਿਵਾਰ ਦਾ ਦੁੱਖ ਮਨੁੱਖਤਾ ਦੇ ਸਭ ਤੋਂ ਡੂੰਘੇ ਦੁੱਖਾਂ ਵਿੱਚੋਂ ਇੱਕ ਹੈ।” ਉਨ੍ਹਾਂ ਹੈਨਰੀ ਨੋਵਾਕ ਦੀ ਆਤਮਿਕ ਸ਼ਾਂਤੀ ਲਈ ਅਰਦਾਸ ਕੀਤੀ ਅਤੇ ਪਰਿਵਾਰ ਨੂੰ ਇਸ ਔਖੇ ਸਮੇਂ ਨੂੰ ਸਹਿਣ ਲਈ ਹੌਸਲਾ ਬਖ਼ਸ਼ਣ ਦੀ ਕਾਮਨਾ ਕੀਤੀ।
ਉਨ੍ਹਾਂ ਇਹ ਵੀ ਦਰਸਾਇਆ ਕਿ ਸਜ਼ਾ ਸੁਣਾਏ ਜਾਣ ਤੋਂ ਬਾਅਦ ਹੈਨਰੀ ਨੋਵਾਕ ਦੇ ਪਿਤਾ ਨੇ ਆਪਣੇ ਜਨਤਕ ਬਿਆਨ ਵਿੱਚ ਸਰਕਾਰੀ ਵਕੀਲ ਦੀ ਇਸ ਗੱਲ ਨੂੰ ਦੁਹਰਾਇਆ ਸੀ, ਜਿਸਨੂੰ ਬਰਤਾਨੀਆ ਦੇ ਗ੍ਰਹਿ ਮੰਤਰੀ ਨੇ ਸੰਸਦ ਵਿੱਚ ਵੀ ਸਵੀਕਾਰ ਕੀਤਾ ਸੀ ਕਿ: “ਇਹ ਮਾਮਲਾ ਸਿੱਖ ਧਰਮ ਬਾਰੇ ਨਹੀਂ ਹੈ। ਇਹ ਇੱਕ ਕਤਲ ਦਾ ਮਾਮਲਾ ਹੈ।”
ਬਰਤਾਨੀਆ ਦੀ ਅਦਾਲਤ ਵੱਲੋਂ ਵਿਕਰਮ ਸਿੰਘ ਡਿਗਵਾ ਨੂੰ ਸੁਣਾਈ ਗਈ ਸਜ਼ਾ ਦਾ ਹਵਾਲਾ ਦਿੰਦਿਆਂ ਜਥੇਦਾਰ ਸਾਹਿਬ ਨੇ ਕਿਹਾ ਕਿ ਨਿਆਂ ਨੇ ਕਾਨੂੰਨੀ ਪ੍ਰਕਿਿਰਆ ਰਾਹੀਂ ਆਪਣਾ ਕੰਮ ਕਰ ਦਿੱਤਾ ਹੈ।
ਬਿਆਨ ਵਿੱਚ ਜ਼ੋਰ ਦੇ ਕੇ ਕਿਹਾ ਗਿਆ ਕਿ ਸਿੱਖ ਸਿਧਾਂਤ ਮਨੁੱਖੀ ਜੀਵਨ ਅਤੇ ਮਨੁੱਖੀ ਮਰਿਆਦਾ ਨੂੰ ਸਭ ਤੋਂ ਉੱਚਾ ਸਥਾਨ ਦਿੰਦੇ ਹਨ। ਆਪਣੇ ਸਮੂਹ ਇਤਿਹਾਸ ਦੌਰਾਨ ਸਿੱਖਾਂ ਨੇ ਕਮਜ਼ੋਰਾਂ ਦੀ ਰੱਖਿਆ ਕੀਤੀ ਹੈ, ਦੁਖੀਆਂ ਨੂੰ ਧੀਰਜ ਦਿੱਤਾ ਹੈ ਅਤੇ ਬਿਨਾਂ ਕਿਸੇ ਭੇਦਭਾਵ ਦੇ ਮਨੁੱਖਤਾ ਦੀ ਸੇਵਾ ਕੀਤੀ ਹੈ। ਜਥੇਦਾਰ ਸਾਹਿਬ ਨੇ ਬਰਤਾਨੀਆ ਅਤੇ ਹੋਰ ਦੇਸ਼ਾਂ ਦੀਆਂ ਸਿੱਖ ਸੰਸਥਾਵਾਂ ਨੂੰ ਅਪੀਲ ਕੀਤੀ ਕਿ ਉਹ ਨੋਵਾਕ ਪਰਿਵਾਰ ਨੂੰ ਨੈਤਿਕ ਸਹਾਰਾ ਦੇ ਕੇ ਇਨ੍ਹਾਂ ਸਿਧਾਂਤਾਂ ਨੂੰ ਅਮਲ ਵਿੱਚ ਲਿਆਉਣ।
ਇਸਦੇ ਨਾਲ ਹੀ ਉਨ੍ਹਾਂ ਚੇਤਾਵਨੀ ਦਿੱਤੀ ਕਿ ਇਸ ਤ੍ਰਾਸਦੀ ਨੂੰ ਪੱਖਪਾਤ ਫੈਲਾਉਣ ਜਾਂ ਸਮਾਜਿਕ ਵੰਡ ਨੂੰ ਹੋਰ ਡੂੰਘਾ ਕਰਨ ਲਈ ਵਰਤਣ ਦੀਆਂ ਕੋਸ਼ਿਸ਼ਾਂ ਤੋਂ ਸਾਵਧਾਨ ਰਹਿਣਾ ਚਾਹੀਦਾ ਹੈ। ਉਨ੍ਹਾਂ ਕਿਹਾ ਕਿ ਦੁੱਖ ਦੇ ਅਜਿਹੇ ਪਲ ਲੋਕਾਂ ਨੂੰ ਇਕੱਠਾ ਕਰਨੇ ਚਾਹੀਦੇ ਹਨ, ਨਾ ਕਿ ਦੋਸ਼ ਲਗਾਉਣ, ਧਰੁਵੀਕਰਨ ਜਾਂ ਵੈਰ-ਵਿਰੋਧ ਦਾ ਕਾਰਨ ਬਣਨ।
ਜਥੇਦਾਰ ਸਾਹਿਬ ਨੇ ਇਹ ਵੀ ਦੁਹਰਾਇਆ ਕਿ ਸਿੱਖ ਧਰਮ ਦਾ ਧਾਰਮਿਕ ਚਿੰਨ੍ਹ ਕਿਰਪਾਨ ਜ਼ਿੰਮੇਵਾਰੀ, ਨਿਆਂ ਅਤੇ ਦੂਜਿਆਂ ਦੀ ਰੱਖਿਆ ਦਾ ਪ੍ਰਤੀਕ ਹੈ। ਬਰਤਾਨੀਆ ਦੇ ਸਿੱਖ ਨੁਮਾਇੰਦਿਆਂ ਤੋਂ ਪ੍ਰਾਪਤ ਜਾਣਕਾਰੀ ਅਨੁਸਾਰ, ਇਸ ਅਪਰਾਧ ਵਿੱਚ ਵਰਤਿਆ ਗਿਆ ਹਥਿਆਰ ਕਿਰਪਾਨ ਨਹੀਂ ਸਗੋਂ ਇੱਕ ਪੇਸ਼ ਕਬਜ਼ ਨਾਮਕ ਫ਼ਾਰਸੀ ਖੰਜਰ ਸੀ। ਫਿਰ ਵੀ ਉਨ੍ਹਾਂ ਜ਼ੋਰ ਦੇ ਕੇ ਕਿਹਾ ਕਿ ਇਸ ਸਾਰੇ ਮਾਮਲੇ ਦਾ ਕੇਂਦਰੀ ਮੁੱਦਾ ਇੱਕ ਨੌਜਵਾਨ ਜੀਵਨ ਦੀ ਦੁਖਦਾਈ ਹਾਨੀ ਅਤੇ ਪੀੜਤ ਪਰਿਵਾਰ ਦੀ ਅਸਹਿਣ ਪੀੜ ਹੈ।
ਅਕਾਲ ਤਖ਼ਤ ਦੇ ਜਥੇਦਾਰ ਨੇ ਜਨਤਕ ਆਗੂਆਂ, ਮੀਡੀਆ ਸੰਸਥਾਵਾਂ ਅਤੇ ਬਰਤਾਨੀਆ ਦੀਆਂ ਵੱਖ-ਵੱਖ ਭਾਈਚਾਰਕ ਇਕਾਈਆਂ ਨੂੰ ਅਪੀਲ ਕੀਤੀ ਕਿ ਉਹ ਨਿਰਪੱਖਤਾ, ਸੰਵੇਦਨਸ਼ੀਲਤਾ ਅਤੇ ਸੱਚਾਈ ਨਾਲ ਇਸ ਮਾਮਲੇ ਨੂੰ ਵੇਖਣ, ਅਤੇ ਆਪਸੀ ਸਤਿਕਾਰ ਦੀ ਉਸ ਭਾਵਨਾ ਨੂੰ ਕਾਇਮ ਰੱਖਣ ਜੋ ਲੰਮੇ ਸਮੇਂ ਤੋਂ ਸਿੱਖਾਂ ਅਤੇ ਬਰਤਾਨਵੀ ਸਮਾਜ ਦੇ ਵਿਆਪਕ ਵਰਗਾਂ ਦੇ ਸੰਬੰਧਾਂ ਦੀ ਪਹਿਚਾਣ ਰਹੀ ਹੈ।
